ਫੰਡ ‘ਕੱਠਾ ਕਰਨੇ ਲਈ ਸੰਸਥਾ ਬਣਾ ਲੈ ਕੋਈ, ਵਿਰਸੇ ਦੀ ‘ਸੇਵਾ’ ਵਾਲਾ ਫੱਟਾ ਲਿਸ਼ਕਾਈ ਜਾਹ।
ਚਾਚੇ, ਤਾਏ, ਮਾਮੇ, ਸਾਲੇ ‘ਫਿੱਟ’ ਕਰ ਇਹਦੇ ‘ਚ, ਕੌਲੀ-ਚੱਟ ਮੈਂਬਰਾਂ ਦੀ ਗਿਣਤੀ ਵਧਾਈ ਜਾਹ।
ਨਸ਼ਾਖੋਰੀ ਰੋਗ ਨੇ ਪੰਜਾਬ ਪੀਲਾ ਭੂਕ ਕੀਤਾ, ਚਿੰਤਾ ਵਾਲੀ ‘ਰਾਗਣੀ’ ਗਾ ਲੋਕਾਂ ਨੂੰ ਸੁਣਾਈ ਜਾਹ।
ਰਿਸ਼ਵਤਖੋਰੀ, ਕਾਲੇ ਧਨ ਦੇ ਵਿਰੋਧ ਵਿਚ, ਟਾਂਵਾਂ ਟਾਂਵਾਂ ਬਿਆਨ ਅਖਬਾਰ ‘ਚ ਛਪਾਈ ਜਾਹ।
ਗਾਉਣ ਵਾਲਿਆਂ ਦੀ ਹੇੜ੍ਹ ਸੱਦ ਕੇ ਇਕੱਠ ਕਰ, ਆਪਣਿਆਂ ਹੱਥੋਂ ਲੋਈਆਂ ਗਲ ‘ਚ ਪੁਆਈ ਜਾਹ।
ਲੋਕਾਂ ਲਈ ਜੋ ‘ਜੋਕਾਂ’ ਬਣੇ ਲੀਡਰਾਂ ਨੂੰ ਸੱਦ ਸੱਦ ਮੇਲਿਆਂ ‘ਤੇ ‘ਮੁੱਖ ਮਹਿਮਾਨ’ ਤੂੰ ਬਣਾਈ ਜਾਹ!
ਠਾਹ ਸੋਟਾ
ਇਉਂ ਬਣ’ਜਾ ਪ੍ਰਧਾਨ ਸਾਬ੍ਹ!
ਕਮਲ ਤੇ ਪੰਜੇ ਦਾ ਦਸਤਪੰਜਾ!
ਵੱਡੇ ਸੂਬੇ ਕਰਨਾਟਕ ਵਿਚ ਜਿੱਤ ਕੇ ਤੇ, ਚੜ੍ਹਿਆ ‘ਪੰਜੇ’ ਨੂੰ ਹੋਇਆ ਸਰੂਰ ਲਗਦਾ।
ਪਾਰੀ ਮੁੱਕਣੀ ਜਾਪਦੀ ‘ਮੋਹਨ’ ਜੀ ਦੀ, ਮੱਥੇ ਰਾਹੁਲ ਦੇ ਚਮਕਣਾ ਨੂਰ ਲਗਦਾ।
ਤੁਰਿਆ ਰੱਥ ਸੀ ਮਿੱਥ ਨਿਸ਼ਾਨਿਆਂ ਨੂੰ, ਰਾਹ ਦਿੱਲੀ ਦਾ ਹੋ ਗਿਆ ਦੂਰ ਲਗਦਾ।
ਸੁਪਨੇ ਸੱਤਾ ਦੇ ਲੈ ਰਿਹੈ ‘ਕਮਲ’ ਚਿਰ ਤੋਂ, ਆਸਾਂ ਉਤੇ ਨਹੀਂ ਪੈਂਦਾ ਹੁਣ ਬੂਰ ਲਗਦਾ।
ਚੜ੍ਹਿਆ ਜੋਸ਼ ਸੀ ਲੋਹੜੇ ਦਾ ਭਾਜਪਾ ਨੂੰ, ਗਰਮੀ ਵਿਚ ਵੀ ਹੋ ਗਈ ਸਰਦ ਮੀਆਂ!
ਸੁਣ ਕੇ ਦੱਖਣ ਦੇ ਚੋਣ ਨਤੀਜਿਆਂ ਨੂੰ, ਚਿਹਰਾ ਮੋਦੀ ਦਾ ਹੋ ਗਿਆ ਜ਼ਰਦ ਮੀਆਂ!!
ਸਜ਼ਾ ਤੇ ਸੱਜਣ!
ਸਮੇਂ ਬਦਲ ਗਏ ਬਦਲ ਗਈ ਸੋਚ ਸਾਡੀ, ਸਾਨੂੰ ਦੁੱਖ ਨਾ ਕਿਸੇ ਦਾ ਸੱਲਦਾ ਏ।
ਰਹਿ ਗਈ ਬੰਦੇ ਦੀ ਇਹੋ ਪਛਾਣ ਬਾਕੀ, ਕਿਹੜੀ ਪਾਰਟੀ ਤੇ ਕਿਹੜੇ ਦਲ ਦਾ ਏ।
ਰਹੀ ਗੱਲ ਨਾ ਕੋਈ ਇਨਸਾਫ ਵਾਲੀ, ਸ਼ਰੇਆਮ ਹੁਣ ਵਿਤਕਰਾ ਚੱਲਦਾ ਏ।
ਜਿਹਦੇ ਹੱਥਾਂ ‘ਤੇ ਖੂਨ ਬੇਦੋਸ਼ਿਆਂ ਦਾ, ਉਹੀਓ ਗੱਦੀਆਂ ਰਾਜਸੀ ਮੱਲਦਾ ਏ।
ਠੱਗ ਸੱਜਣ ਨੂੰ ‘ਬਾਬੇ’ ਨੇ ਠੋਰਿਆ ਸੀ, ਵਿਚ ਗੋਡਿਆਂ ਛਿੱਥਾ ਹੋ ਧੌਣ ਦੇਵੇ।
ਸੋਚਾਂ ਵਿਚ ਸਵਾਲ ਇਹ ਤੈਰਦਾ ਏ, ਸਜ਼ਾ ਅੱਜ ਦੇ ‘ਸੱਜਣ’ ਨੂੰ ਕੌਣ ਦੇਵੇ?
ਛੇ ਸੱਚਾਈਆਂ
ਭਰਦਾ ਨਹੀਂ ਖਜ਼ਾਨਾ ਉਹ ਰਹੇ ਊਣਾ, ਪੈਂਦੀ ਰਹੇ ਰੋਜ਼ਾਨਾ ਹੀ ਭੋਰ ਜੇਕਰ।
ਹੌਲ ਪੈਂਦੇ ਨੇ ਦੇਖ ਕੇ ਮਾਪਿਆਂ ਦੇ, ਤੁਰੇ ਪੁੱਤ ਬਦਮਾਸ਼ਾਂ ਦੀ ਤੋਰ ਜੇਕਰ।
ਉਹਦਾ ਰੱਬ ਵੀ ਵਾਲੀ ਨਹੀਂ ਬਣਨ ਲੱਗਾ, ਆਗੂ ਹੋਣ ਜਿਸ ਕੌਮ ਦੇ ਚੋਰ ਜੇਕਰ।
ਰਾਹ ਲੱਭੇ ਨਾ ਭੱਜਦਿਆਂ ਦੁਸ਼ਮਣਾਂ ਨੂੰ, ਮਿੱਤਰ ਖੜ੍ਹ ਗਏ ਹਿੱਕ ਨੂੰ ਠੋਰ ਜੇਕਰ।
ਸੰਘ ਪਾੜਦਾ ਸਮਝ ਲਉ ਗੌਣ ਵਾਲਾ, ਸੁਣਨ ਵਾਲੇ ਨੂੰ ਆਏ ਨਾ ਲੋਰ ਜੇਕਰ।
ਰਹਿ ਜਾਂਦਾ ਏ ਮਜ਼ਾ ਕੀ ਜ਼ਿੰਦਗੀ ਦਾ? ਜਾਵੇ ਟੁੱਟ ਹੀ ਆਸ ਦੀ ਡੋਰ ਜੇਕਰ!
ਤਖਤ ਬਨਾਮ ਤਖਤਾ!
ਅੰਨ੍ਹੇ ਹੋਏ ਹੰਕਾਰ ਵਿਚ ਹਾਕਮਾਂ ਨੂੰ, ਆਉਣਾ ‘ਕਾਲ਼’ ਵੀ ਨਹੀਂ ਵਿਸ਼ਵਾਸ ਹੁੰਦੈ।
ਖੁਦ ਨੂੰ ਸਹੀ ਠਹਿਰਾਉਣ ਲਈ ਬੋਲਦੇ ਜੋ, ਕੋਰਾ ਝੂਠ ਉਹ ਨਿਰੀ ਬਕਵਾਸ ਹੁੰਦੈ।
ਗਭਰੂ ਨਿੱਤਰਦੇ ਵਾਂਗ ਪ੍ਰਵਾਨਿਆਂ ਦੇ, ਮਸਲਾ ਕੌਮ ਲਈ ਜਦੋਂ ਕੋਈ ਖ਼ਾਸ ਹੁੰਦੈ।
ਹੱਕ ਲੈਣ ਲਈ ਜਦੋਂ ਉਹ ਜੂਝਦੇ ਨੇ, ਕਾਲ ਕੋਠੜੀ ਜੇਲ੍ਹਾਂ ਵਿਚ ਵਾਸ ਹੁੰਦੈ।
ਹੁੰਦਾ ਭਰਮ ਇਹ ਫੋਲ ਇਤਿਹਾਸ ਦੇਖੋ, ਆਸ ਭਲੇ ਦੀ ਰੱਖਣੀ ਸਕਤਿਆਂ ‘ਤੇ।
ਮਾਲਕ ਦੇਸ਼ ਦੇ ਬੈਠ ਕੇ ਤਖਤ ਉਤੇ, ਘੱਟ-ਗਿਣਤੀਆਂ ਚਾੜ੍ਹਦੇ ਤਖਤਿਆਂ ‘ਤੇ!
ਮੋਦੀ ਤੇ ਮੀਡੀਆ!
ਯੁੱਧ ‘ਪੰਜੇ’ ਤੇ ‘ਕਮਲ’ ਦਾ ਸ਼ੁਰੂ ਹੋਇਆ, ਤਿੱਖੇ ਲੱਗ ਪਏ ਕਰਨ ਹਥਿਆਰ ਬੇਲੀ।
ਜੋੜ ਤੋੜ ਕਰ ਲਾਉਂਦੇ ਨੇ ਤੀਰ-ਤੁੱਕੇ, ‘ਆਮ ਖਾਸ’ ਵੀ ਹੋਏ ਹੁਸ਼ਿਆਰ ਬੇਲੀ।
ਪੱਲੇ ਕਿਸੇ ਦੇ ਕੋਈ ਅਸੂਲ ਹੈ ਨਹੀਂ, ਕਿਸਮਤ ਦੇਸ਼ ਦੀ ਦਿਸੇ ਬੀਮਾਰ ਬੇਲੀ।
ਲਾਲ ਕਿਲੇ ਤੋਂ ਬੋਲਣ ਲਈ ਪੈਣ ਕਾਹਲੇ, ਰੋਗੀ ਕਈ, ਪਰ ਇੱਕ ਅਨਾਰ ਬੇਲੀ।
ਘੱਟ-ਗਿਣਤੀਆਂ ਗਮਾਂ ਵਿਚ ਡੁੱਬੀਆਂ ਨੇ, ਭਗਵੇਂ ਰੰਗ ਤੋਂ ਹੋਈਆਂ ਲਾਚਾਰ ਬੇਲੀ।
ਕਤਲੇਆਮ ਵਿਸਾਰ ਗੁਜਰਾਤ ਵਾਲਾ, ਬਣਿਆ ਮੀਡੀਆ ਮੋਦੀ ਦਾ ਯਾਰ ਬੇਲੀ!
ਸਾਡੇ ਹੱਕ ‘ਤੇ ਡਾਕਾ!
ਜਦੋਂ ਚਾੜ੍ਹਦੇ ਹੁਕਮ ਬੇਕਿਰਕ ਹੋ ਕੇ, ਉਚਾ ਉਨ੍ਹਾਂ ਦਾ ਉਦੋਂ ਹੀ ਨੱਕ ਹੁੰਦੈ।
ਛਿੱਕੇ ਟੰਗ ਕੇ ਕੜੇ-ਕਾਨੂੰਨ ਸਾਰੇ, ਦਿੰਦੇ ਜ੍ਹੇਲ ਵਿਚ ਜਿਹਨੂੰ ਵੀ ਡੱਕ ਹੁੰਦੈ।
ਕਾਰੇ ਦੇਖ ਕੇ ਗੱਦੀ ‘ਤੇ ਬੈਠਿਆਂ ਦੇ, ਰੰਗ ਪਰਜਾ ਦੇ ਚਿਹਰੇ ਦਾ ਫੱਕ ਹੁੰਦੈ।
ਉਮਰਾਂ ਲੰਮੀਆਂ ਮਾਣਦੇ ‘ਖੂਨ ਪੀਣੇ’, ਅੰਨ-ਜਲ ਉਨ੍ਹਾਂ ਦਾ ਔਖਾ ਈ ਚੱਕ ਹੁੰਦੈ!
ਵੱਟੇ ਚੁੱਪ ਕਿਉਂ ਲੋਕਾਂ ਦਾ ਕਵੀ ਹੋ ਕੇ? ਮੂੰਹ ਨੂੰ ਬੰਨ੍ਹ ਕੇ ਕਿੰਨਾ ਕੁ ਰੱਖ ਹੁੰਦੈ।
ਔਰੰਗਜ਼ੇਬ ਵਰਗੇ ਜਾਬਰ ਹਾਕਮਾਂ ਦਾ, ਡਾਕੇ ਮਾਰਨੇ ਹੱਕਾਂ ‘ਤੇ ਹੱਕ ਹੁੰਦੈ!
ਮੋਹ ਤੇ ਮਾਣ ਭਰੀ ਮੁਬਾਰਕ!
ਤੁਰੇ ਹੋਏ ਆਂ ਭੀੜ ਦੇ ਵਿਚ ਭਾਵੇਂ, ਐਪਰ ਵੱਖਰੀ ਦਿੱਖ-ਰਫਤਾਰ ਸਾਡੀ।
ਭੈਅ-ਰੋਅਬ ਨਾ ਝੱਲੀਏ ਕਿਸੇ ਦਾ ਵੀ, ਪਾਠਕ ਵਰਗ ਹੀ ਅਸਲ ਸਰਕਾਰ ਸਾਡੀ।
ਕਲਮੀ ਕਾਫਲਾ ਅਤੇ ਇਸ਼ਤਿਹਾਰਦਾਤੇ, ਸਦਕੇ ਇਨ੍ਹਾਂ ਦੇ ਖਿੜੀ ਗੁਲਜ਼ਾਰ ਸਾਡੀ।
ਟੁੱਟਣ ਗਫਲਤਾਂ ਅੰਧ-ਵਿਸ਼ਵਾਸ ਮੁੱਕੇ, ਸਾੜੇ ਨਫਰਤਾਂ ਨਾਲ ਤਕਰਾਰ ਸਾਡੀ।
ਝੰਡੇ ਝੂਲਦੇ ਰਹਿਣ ਪੰਜਾਬੀਆਂ ਦੇ, ਇਹੋ ਕਾਮਨਾ ਦਸਤ-ਬਰਦਾਰ ਸਾਡੀ।
ਮੋਹ ਤੇ ਮਾਣ ਦੇ ਨਾਲ ਮੁਬਾਰਕਾਂ ਜੀ, ਤੇਰਾਂ ਸਾਲ ਦੀ ਹੋਈ ਅਖਬਾਰ ਸਾਡੀ!
ਪੱਚੀ ਸਾਲ ਲੰਬੀ ਉਡੀਕ?
ਵੋਟਾਂ ‘ਲੈਣ ਦਾ’ ਆ ਗਿਆ ਢੰਗ ਜਿਸ ਨੂੰ, ਰਾਜ ਗੱਦੀ ‘ਤੇ ਉਹਨੇ ਹੀ ਬੁੱਕਣਾ ਜੀ।
ਹਾਕਮ ਵਾਸਤੇ ਸੌਖਾ ਏ ਆਕੀਆਂ ਨੂੰ, ‘ਧਾਰਾ’ ਠੋਕ ਕੇ ਜੇਲ੍ਹਾਂ ਵਿਚ ਸੁੱਟਣਾ ਜੀ।
ਨਾਹਰਾ ‘ਰਾਜ ਨਹੀਂ ਸੇਵਾ’ ਦਾ ਬੋਲ ਕੇ ਤੇ ਦੋਹੀਂ ਹੱਥੀਂ ਪਰ ਜਨਤਾ ਨੂੰ ਲੁੱਟਣਾ ਜੀ।
ਪਰਜਾ ਦੁਖੀ ਹੋ ‘ਤਾਂਹਾਂ ਨੂੰ ਦੇਖਦੀ ਐ, ਜਾਣੇ ਰੱਬ! ਹੰਕਾਰ ਕਦ ਟੁੱਟਣਾ ਜੀ।
ਦੱਸ ਰਹੇ ਹਾਲਾਤ ਨੇ ਆਉਣ ਵਾਲੇ, ਖੂਨ ਹੋਰ ਗਰੀਬਾਂ ਦਾ ਸੁੱਕਣਾ ਜੀ।
ਸਹਿ ਹੁੰਦੀ ਨਾ ਮਿੰਟ ਦੀ ਨ੍ਹੇਰ ਗਰਦੀ, ਪੱਚੀ ਸਾਲ ਦਾ ਰਾਜ ਕਦ ਮੁੱਕਣਾ ਜੀ?
ਮਨ ਹੋਰ ਮੁੱਖ ਹੋਰ!
ਬੋਤਲ ਚਾੜ੍ਹ ਕੇ ਸ਼ਾਇਰ ਨੇ ਗਜ਼ਲ ਆਖੀ, ਨਸ਼ਾਖੋਰੀ ਦਾ ਫਸਤਾ ਵੱਢੀਏ ਜੀ।
ਅਣ-ਜੰਮੀਆਂ ਧੀਆਂ ਨੂੰ ਮਾਰ ਕਹਿੰਦੇ, ਕੁੜੀ-ਮੁੰਡੇ ਦੇ ਫਰਕ ਨੂੰ ਛੱਡੀਏ ਜੀ।
ਮੂੰਹ ਮੰਗਿਆ ਦਾਜ ਲੈ ਕਰਨ ਗੱਲਾਂ, ਲੈਣ-ਦੇਣ ਲਈ ਹੱਥ ਨਾ ਅੱਡੀਏ ਜੀ।
ਬੇਹਯਾਈ ਦੇ ਗੀਤ ਗਾ ਕਹੇ ਗਾਇਕ, ਝੰਡੇ ਸੱਭਿਆਚਾਰ ਦੇ ਗੱਡੀਏ ਜੀ।
ਗਲ਼ੇ ਵੱਢ ਕਸਾਈ ਉਪਦੇਸ਼ ਦੇਵੇ, ਰਹਿਮ ਜੀਆਂ ‘ਤੇ ਕਰੋ ਹਮੇਸ਼ ਯਾਰੋ।
ਭ੍ਰਿਸ਼ਟਾਚਾਰ ਵਿਚ ਲਿਬੜੇ ਕਹਿਣ ਆਗੂ, ਬੇਈਮਾਨੀ ਨੇ ਡੋਬ’ਤਾ ਦੇਸ਼ ਯਾਰੋ!


