ਬ੍ਰਿਟਿਸ਼ ਕੋਲੰਬੀਆ ਚੋਣਾਂ ਵਿਚ ਛਾ ਗਏ ਪੰਜਾਬੀ

ਵੈਨਕੂਵਰ: ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਨੇ ਮੁੜ ਝੰਡੇ ਗੱਡੇ ਹਨ। ਇਨ੍ਹਾਂ ਚੋਣਾਂ ਵਿਚ ਕੁੱਲ 18 ਪੰਜਾਬੀ ਉਮੀਦਵਾਰ ਖੜ੍ਹੇ ਸਨ, ਜਿਨ੍ਹਾਂ ਵਿਚੋਂ ਸੱਤ ਨੂੰ ਫਤਿਹ ਨਸੀਬ ਹੋਈ। 87 ਮੈਂਬਰੀ ਵਿਧਾਨ ਸਭਾ ਵਿਚ ਤਿੰਨ ਧਿਰੀ ਮੁਕਾਬਲੇ ਵਿਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ, ਪਰ ਸੱਤਾ ਦਾ ਤਵਾਜ਼ਨ ਤਿੰਨ ਸੀਟਾਂ ਜਿੱਤਣ ਵਾਲੀ ਗਰੀਨ ਪਾਰਟੀ ਦੇ ਹੱਥ ਆ ਗਿਆ ਹੈ ਤੇ ਉਹ ਕਿੰਗਮੇਕਰ ਦੀ ਭੂਮਿਕਾ ਨਿਭਾਏਗੀ।

ਉਂਜ ਤਿੰਨਾਂ ਪਾਰਟੀਆਂ ਦੇ ਪ੍ਰਧਾਨਾਂ ਲਈ ਮੁੜ ਤੋਂ ਵਿਧਾਨ ਸਭਾ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਦੋਵਾਂ ਮੁੱਖ ਪਾਰਟੀਆਂ ਵੱਲੋਂ ਪੰਜਾਬੀ ਨੂੰ ਪੰਜਾਬੀ ਨਾਲ ਭਿੜਾਉਣ ਦਾ ਫਾਰਮੂਲਾ ਰਾਸ ਆਇਆ ਹੈ। ਵੱਡੀ ਗਿਣਤੀ ਪੰਜਾਬੀਆਂ ਨੇ ਸਰੀ ਤੋਂ ਨਿਊ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰਾਂ ਵਜੋਂ ਜਿੱਤ ਦਰਜ ਕੀਤੀ ਹੈ।
ਪੰਜਾਬੀਆਂ ਦੇ ਹਲਕਾ ਵਾਰ ਨਤੀਜਿਆਂ ਵਿਚ ਸਰੀ ਪੈਨੋਰਮਾ ‘ਚੋਂ ਜਿੰਨੀ ਸਿਮਜ਼ (ਜੁਗਿੰਦਰ ਕੌਰ ਹੋਠੀ) ਨੇ ਵਕੀਲ ਪੁਨੀਤ ਨੂੰ ਹਰਾਇਆ। ਨਿਊਟਨ ਤੋਂ ਹੈਰੀ ਬੈਂਸ, ਲਿਬਰਲ ਦੇ ਗੁਰਵਿੰਦਰ ਸਿੰਘ ਪਰਹਾਰ ਨੂੰ ਹਰਾ ਕੇ ਚੌਥੀ ਵਾਰ ਜਿੱਤ ਦਰਜ ਕੀਤੀ। ਗਰੀਨ ਟਿੰਬਰ ਸਰੀ ਤੋਂ ਰਚਨਾ ਸਿੰਘ ਨੇ ਗੋਰੀ ਬਰੈਡਾ ਲੌਕ ਨੂੰ ਹਰਾਇਆ। ਜਗਰੂਪ ਬਰਾੜ ਨੇ ਸਰੀ ਤੋਂ ਸੱਤਾਧਾਰੀ ਪਾਰਟੀ ਦੇ ਵੱਡੇ ਆਗੂ ਪੀਟਰ ਫਾਸਬੈਂਡਰ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ। ਗੋਰੇ ਗੈਰੀ ਬੈਗ ਨੇ ਮੰਤਰੀ ਅਮਰੀਕ ਵਿਰਕ ਨੂੰ ਹਰਾਇਆ। ਫੀਲਡ ਹਾਕੀ ਓਲੰਪੀਅਨ ਰਵੀ ਕਾਹਲੋਂ ਨੇ ਨਾਰਥ ਡੈਲਟਾ ਤੋ ਜਿੱਤ ਕੇ ਇਹ ਸੀਟ ਲੰਮੇ ਸਮੇਂ ਬਾਅਦ ਐਨæਡੀæਪੀæ ਦੀ ਝੋਲੀ ਪਾਈ। ਰਾਜ ਚੌਹਾਨ ਨੇ ਬਰਨਬੀ ਹਲਕੇ ਵਿਚੋਂ ਆਪਣੀ ਹਰਮਨ ਪਿਆਰਤਾ ਬਰਕਰਾਰ ਰੱਖੀ। ਰਿਚਮੰਡ ਕੁਈਨਜ਼ਬਰੋ ਤੋਂ ਜੈਸ ਜੌਹਲ ਨੇ ਅਮਨ ਸਿੰਘ ਨੂੰ ਹਰਾਇਆ। ਗਰੀਨ ਪਾਰਟੀ ਨੇ ਐਤਕੀਂ ਵੋਟ ਪ੍ਰਤੀਸ਼ਤ ਤੇ ਸੀਟਾਂ ਦੀ ਗਿਣਤੀ ਵਿਚ ਪਿਛਲੀ ਵਾਰ ਤੋਂ ਤਿੰਨ ਗੁਣਾ ਵਾਧਾ ਕੀਤਾ। ਮੌਜੂਦਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਕਲੋਨਾ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਗਰੀਨ ਪਾਰਟੀ ਪ੍ਰਧਾਨ ਐਂਡਰਿਊ ਵੀਵਰ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ।
ਪੰਜਾਬੀ ਵਸੋਂ ਵਾਲੇ ਸ਼ਹਿਰ ਸਰੀ ਦੀਆਂ ਨੌਂ ਸੀਟਾਂ ‘ਚੋਂ ਸੱਤਾਧਾਰੀ ਸਿਰਫ ਤਿੰਨ ਸੀਟਾਂ ਹੀ ਜਿੱਤ ਸਕੀ। ਛੇ ਸੀਟਾਂ ਐਨæਡੀæਪੀæ ਜਿੱਤੀ। ਇਥੋਂ ਦੇ ਕਾਨੂੰਨ ਅਨੁਸਾਰ ਹਲਕੇ ਤੋਂ ਗੈਰਹਾਜ਼ਰ ਵੋਟਰਾਂ ਦੀਆਂ ਡਾਕ ਰਾਹੀਂ ਆਉਣ ਵਾਲੀਆਂ ਵੋਟਾਂ ਦੀ ਗਿਣਤੀ 24 ਮਈ ਨੂੰ ਹੋਵੇਗੀ, ਜੋ 9 ਵੋਟਾਂ ਨਾਲ ਐਨæਡੀæਪੀæ ਦੇ ਖਾਤੇ ਪੈਣ ਵਾਲੀ ਸੀਟ ਦਾ ਦ੍ਰਿਸ਼ ਬਦਲ ਕੇ ਸੱਤਾਧਾਰੀ ਪਾਰਟੀ ਨੂੰ ਬਹੁਮਤ ਵਿਚ ਲਿਆ ਸਕਦਾ ਹੈ।
ਸਰੀ ਗਰੀਨ ਟਿੰਬਰ ਤੋਂ ਜੇਤੂ ਰਹੀ ਐਨæਡੀæਪੀæ ਦੀ ਉਮੀਦਵਾਰ ਰਚਨਾ ਸਿੰਘ ਯੋਜਨਾਬੰਦ ਢੰਗ ਨਾਲ ਚਲਾਈ ਚੋਣ ਮੁਹਿੰਮ ਕਾਰਨ ਸਫਲ ਰਹੀ। ਪੰਜਾਬ ਵਿਚ ਛਪਦੇ ਮੈਗਜ਼ੀਨ ‘ਸਿਰਜਣਾ’ ਦੇ ਬਾਨੀ ਰਘਬੀਰ ਸਿੰਘ ਦੀ ਧੀ ਤੇ ਪੱਤਰਕਾਰ ਗੁਰਪਰੀਤ ਸਿੰਘ ਦੀ ਪਤਨੀ, ਰਚਨਾ ਸੋਲਾਂ ਕੁ ਸਾਲ ਪਹਿਲਾਂ ਕੈਨੇਡਾ ਆਈ ਤੇ ਹੁਣ ਉਸ ਨੇ ਵਿਧਾਨ ਸਭਾ ਵੱਲ ਵਹੀਰਾਂ ਘੱਤ ਲਈਆਂ ਹਨ। ਸਰੀ ਪੈਨੋਰਮਾ ਤੋਂ ਐਨæਡੀæਪੀæ ਵਜੋਂ ਆਪਣੇ ਵਿਰੋਧੀ ਤੇ ਵਕੀਲ ਪੁਨੀਤ ਸੰਧਰ ਨੂੰ ਹਰਾਉਣ ਵਾਲੀ ਜੁਗਿੰਦਰ ਕੌਰ ਹੋਠੀ, ਇਕ ਗੋਰੇ ਨੂੰ ਜੀਵਨ ਸਾਥੀ ਬਣਾ ਕੇ ਜਿੰਨੀ ਸਿਮਜ਼ ਬਣ ਗਈ। ਉਹ 2011 ਤੋਂ 2015 ਤੱਕ ਪਾਰਲੀਮੈਂਟ ਮੈਂਬਰ ਵੀ ਰਹੀ, ਪਰ ਅਕਤੂਬਰ 2015 ਵਿਚ ਸੁਖ ਧਾਲੀਵਾਲ ਤੋਂ ਹਾਰ ਗਈ ਸੀ। ਰਵੀ ਕਾਹਲੋਂ ਫੀਲਡ ਹਾਕੀ ਵਿਚ ਓਲੰਪੀਅਨ ਹੈ ਤੇ ਡੈਲਟਾ ਖੇਤਰ ਵਿਚ ਉਸ ਦੇ ਚੰਗੇ ਰਸੂਖ ਕਾਰਨ ਹੀ ਪਾਰਟੀ ਨੇ ਉਸ ਨੂੰ ਲਿਬਰਲ ਦੇ ਸਕਾਟ ਹਮਿਲਟਨ ਮੁਕਾਬਲੇ ਖੜ੍ਹਾਇਆ ਸੀ। ਚੌਥੀ ਵਾਰ ਜਿੱਤੇ ਹੈਰੀ ਬੈਂਸ ਦਾ ਮੁਕਾਬਲਾ ਚਾਰਟਰਡ ਅਕਾਊਂਟੈਂਟ ਗੁਰਵਿੰਦਰ ਸਿੰਘ ਪਰਹਾਰ ਨਾਲ ਸੀ। ਮੁਕਾਬਲਾ ਸਖਤ ਸਮਝਿਆ ਜਾਂਦਾ ਸੀ, ਪਰ ਉਹ ਵੱਡੇ ਫਰਕ ਨਾਲ ਜੇਤੂ ਰਿਹਾ। ਆਜ਼ਾਦ ਉਮੀਦਵਾਰ ਬਲਪਰੀਤ ਤਿੰਨ ਕੁ ਸੌ ਵੋਟਾਂ ‘ਤੇ ਹੀ ਸਿਮਟ ਕੇ ਰਹਿ ਗਿਆ।
ਜਗਰੂਪ ਬਰਾੜ, ਜੋ ਪਿਛਲੀ ਵਾਰ ਕ੍ਰਿਸਟੀ ਕਲਾਰਕ ਦੇ ਭਰੋਸੇਯੋਗ ਤੇ ਕਦਾਵਰ ਸਿਆਸੀ ਆਗੂ ਪੀਟਰ ਫਾਸਬੈਂਡਰ ਤੋਂ ਕੁਝ ਸੌ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ, ਨੇ ਐਤਕੀਂ ਗੋਰੇ ਨਾਲ ਸਿੰਗ ਫਸਾ ਕੇ ਉਸ ਨੂੰ ਵੱਡੇ ਫਰਕ ਨਾਲ ਚਿੱਤ ਕੀਤਾ। ਰਿਚਮੰਡ ਦੀਆਂ ਚਾਰੇ ਸੀਟਾਂ ਹਾਲਾਂਕਿ ਲਿਬਰਲਾਂ ਦੀ ਝੋਲੀ ਪਈਆਂ ਹਨ, ਪਰ ਕੁਈਨਜ਼ਬਰੋ ਹਲਕੇ ਵਿਚ ਰੇਡੀਓ ਬਰੌਡਕਾਸਟਰ ਤੇ ਟੀæਵੀæ ਹੋਸਟ ਜੈਸ ਜੌਹਲ ਨੇ ਹਾਂਗਕਾਂਗ ਦੇ ਜੰਮਪਲ ਨੌਜਵਾਨ ਅਮਨ ਸਿੰਘ ਨਾਲ ਫਸਵੇਂ ਮੁਕਾਬਲੇ ਵਿਚ ਤਿੰਨ ਕੁ ਸੌ ਵੋਟਾਂ ਦੇ ਫਰਕ ਨਾਲ ਸੀਟ ਕੱਢੀ।

This entry was posted in ਮੁੱਖ ਪੰਨਾ. Bookmark the permalink.