ਕਰਜ਼ਾ ਮੁਆਫੀ ਬਾਰੇ ਕੈਪਟਨ ਨੂੰ ਨਹੀਂ ਲੱਭ ਰਿਹਾ ਕੋਈ ਰਾਹ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਮੁੜ ਵਿੱਤੀ ਸੰਕਟਾਂ ਨਾਲ ਜੂਝ ਰਹੇ ਸੂਬੇ ਦੀਆਂ ਦਿੱਕਤਾਂ ਦੇ ਹੱਲ ਲਈ ਕੇਂਦਰ ਤੋਂ ਮਦਦ ਮੰਗੀ ਹੈ। ਕੈਪਟਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰ ਕੇ ਰਾਹਤ ਦੇਣ ਦੀ ਬੇਨਤੀ ਕੀਤੀ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਨੇ ਇਹ ਚੌਥੀ ਵਾਰ ਕੇਂਦਰ ਕੋਲ ਸਿੱਧੀ ਪਹੁੰਚ ਕੀਤੀ ਹੈ। ਕੈਪਟਨ ਨੇ ਕੇਂਦਰ ਸਰਕਾਰ ਨੂੰ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ ਐਕਟ 2003 ‘ਚ ਢਿੱਲ ਦੇਣ ਅਤੇ ਕਰਜ਼ਾ ਹੱਦ ਵਧਾਉਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਇਸ ਸਬੰਧੀ 10,000 ਕਰੋੜ ਰੁਪਏ ਤੱਕ ਕਰਜ਼ਾ ਹੱਦ ਵਧਾਉਣ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਕਿਸਾਨਾਂ ਦੇ ਕਰਜ਼ੇ ਮੁਆਫੀ ਦੇ ਵਾਅਦੇ ‘ਤੇ ਸੱਤਾ ਵਿਚ ਆਈ ਕਾਂਗਰਸ ਨੂੰ ਇਸ ਚੁਣਾਵੀ ਵਾਅਦੇ ਨੂੰ ਪੂਰਾ ਕਰਨ ‘ਚ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਵੱਲੋਂ ਚੋਣਾਂ ਤੋਂ ਬਾਅਦ ਕਰਜ਼ਾ ਮੁਆਫੀ ਦਾ ਐਲਾਨ ਕਰਨ ਦੇ ਦਬਾਅ ਕਾਰਨ ਕੈਪਟਨ ਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਲਈ ਦੋ ਲੱਖ ਰੁਪਏ ਤੱਕ ਦਾ ਫਸਲੀ ਕਰਜ਼ਾ ਮੁਆਫ ਕੀਤਾ, ਜਿਸ ਤੋਂ ਸਵਾ ਦਸ ਲੱਖ ਕਿਸਾਨ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਐਲਾਨ ਨੂੰ ਹਕੀਕੀ ਰੂਪ ‘ਚ ਲਾਗੂ ਕਰਨ ਲਈ ਸੂਬਾ ਸਰਕਾਰ ਨੂੰ 9500 ਕਰੋੜ ਰੁਪਏ ਦੀ ਲੋੜ ਹੈ, ਜਦਕਿ ਮੌਜੂਦਾ ਸਾਲਾਨਾ ਕਰਜ਼ੇ ਦੀ ਹੱਦ ਕੁੱਲ ਸੂਬਾਈ ਘਰੇਲੂ ਉਤਪਾਦ ਦੀ 3 ਫੀਸਦੀ ਹੈ, ਜੋ 12,819 ਕਰੋੜ ਬਣਦਾ ਹੈ। ਸੂਬੇ ਦੇ ਮਾਲੀਏ ਅਤੇ ਖਰਚੇ ‘ਚ ਤਕਰੀਬਨ 10,273 ਕਰੋੜ ਦਾ ਪਾੜਾ ਰਹਿ ਜਾਂਦਾ ਹੈ। ਕੇਂਦਰ ਸਰਕਾਰ ਵੱਲੋਂ ਇਹ ਵਾਰ-ਵਾਰ ਦੁਹਰਾਇਆ ਗਿਆ ਹੈ ਕਿ ਸੂਬਿਆਂ ਨੂੰ ਕਰਜ਼ਾ ਮੁਆਫੀ ਦਾ ਐਲਾਨ ਆਪਣੇ ਵਸੀਲਿਆਂ ਤੋਂ ਹੀ ਪੂਰਾ ਕਰਨਾ ਹੋਵੇਗਾ।

This entry was posted in ਮੁੱਖ ਪੰਨਾ. Bookmark the permalink.