ਅੰਡਰ-19 ਕ੍ਰਿਕਟ: ਭਾਰਤ ਚੌਥੀ ਵਾਰ ਵਿਸ਼ਵ ਚੈਂਪੀਅਨ

ਮਾਊਂਟ ਮਾਊਂਗਾਨੁਈ: ਭਾਰਤ ਚੌਥੀ ਵਾਰ ਅੰਡਰ-19 ਵਿਸ਼ਵ ਕ੍ਰਿਕਟ ਕੱਪ ਜਿੱਤ ਕੇ ਵਿਸ਼ਵ ਚੈਂਪੀਅਨ ਬਣ ਗਿਆ। ਭਾਰਤ ਨੇ ਆਸਟਰੇਲੀਆ ਨੂੰ ਅੱਠ ਵਿਕਟਾਂ ਨਾਲ ਕਰਾਰੀ ਮਾਤ ਦੇ ਕੇ ਕ੍ਰਿਕਟ ਕੱਪ ਉਤੇ ਕਬਜ਼ਾ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਬੱਲੇਬਾਜ਼ੀ ਲਈ ਉਤਰੀ ਆਸਟਰੇਲੀਅਨ ਟੀਮ ਨੂੰ 216 ਦੌੜਾਂ ਉਤੇ ਹੀ ਢੇਰ ਕਰ ਦਿੱਤਾ। ਇਸ ਬਾਅਦ ਭਾਰਤੀ ਗੱਭਰੂਆਂ ਨੇ 217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਮਹਿਜ਼ 38. 5 ਓਵਰਾਂ ਵਿਚ ਹੀ ਦੋ ਵਿਕਟਾਂ ਦੇ ਨੁਕਸਾਨ ਉਤੇ ਖਿਤਾਬ ਆਪਣੇ ਨਾਂ ਕਰ ਲਿਆ। ਇਸ ਜਿੱਤ ਨਾਲ ਭਾਰਤ ਸਭ ਤੋਂ ਵੱਧ ਵਾਰ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲਾ ਦੇਸ਼ ਬਣ ਗਿਆ ਹੈ।

ਭਾਰਤ ਵੱਲੋਂ ਖੇਡ ਰਹੇ ਦਿੱਲੀ ਦੇ ਮਨਜੋਤ ਕਾਲੜਾ ਨੇ ਨਾਬਾਦ ਸੈਂਕੜਾ (101 ਦੌੜਾਂ) ਜੜ੍ਹਿਆ। ਕਪਤਾਨ ਪ੍ਰਿਥਵੀ ਸ਼ਾਅ ਦੇ ਆਊਟ ਹੋਣ ਮਗਰੋਂ ਕਾਲੜਾ ਨੇ ਪਾਰੀ ਨੂੰ ਸੰਭਾਲਿਆ ਅਤੇ ਸ਼ੁਭਮਨ ਗਿੱਲ ਮਗਰੋਂ ਉਹ ਇਸ ਟੂਰਨਾਮੈਂਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਬੱਲੇਬਾਜ਼ ਬਣ ਗਿਆ ਹੈ। ਗੌਰਤਲਬ ਹੈ ਕਿ ਛੇ ਸਾਲ ਪਹਿਲਾਂ ਭਾਰਤ ਨੇ ਆਸਟਰੇਲੀਆ ‘ਚ ਉਨਮੁਕਤ ਚੰਦ ਦੀ ਕਪਤਾਨੀ ਹੇਠ ਮੇਜ਼ਬਾਨ ਟੀਮ ਨੂੰ ਹਰਾ ਕੇ ਖਿਤਾਬ ਚੁੰਮਿਆ ਸੀ। ਭਾਰਤ ਵੱਲੋਂ ਕਪਤਾਨ ਸ਼ਾਅ ਨੇ 29 ਦੌੜਾਂ, ਗਿੱਲ ਨੇ 31 ਅਤੇ ਹਾਰਦਿਕ ਦੇਸਾਈ ਨੇ ਨਾਬਾਦ 47 ਦੌੜਾਂ ਬਣਾਈਆਂ। ਕਾਲੜਾ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਅਤੇ ਉਸ ਨੇ ਕੰਗਾਰੂ ਸਪਿੰਨਰਾਂ ਦੀਆਂ ਛਾਲਾਂ ਚੁਕਾਈ ਰੱਖੀਆਂ। ਉਸ ਨੇ ਆਪਣੀ ਪਾਰੀ ਵਿਚ ਤਿੰਨ ਛੱਕੇ ਤੇ ਅੱਠ ਚੌਕੇ ਜੜੇ। ਆਸਟਰੇਲੀਅਨ ਟੀਮ ਵੱਲੋਂ ਜੋਨਾਥਨ ਮਾਰਲੋ ਨੇ 76 ਦੌੜਾਂ ਬਣਾਈਆਂ। ਭਾਰਤੀ ਖੱਬੂ ਸਪਿੰਨਰਾਂ ਸ਼ਿਵਾ ਸਿੰਘ ਤੇ ਅਨੁਕੂਲ ਰੌਇ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਆਸਟਰੇਲੀਅਨ ਟੀਮ ਨੂੰ 216 ਦੌੜਾਂ ਉਤੇ ਸਮੇਟ ਦਿੱਤਾ। ਚੰਗੇ ਸਕੋਰ ਵੱਲ ਵੱਧ ਰਹੀ ਆਸਟਰੇਲੀਅਨ ਟੀਮ ਨੇ ਆਖਰੀ ਛੇ ਵਿਕਟਾਂ ਮਹਿਜ਼ 33 ਦੌੜਾਂ ਅੰਦਰ ਹੀ ਗੁਆ ਦਿੱਤੀਆਂ। ਆਸਟਰੇਲੀਆ ਵੱਲੋਂ ਪਰਮ ਉਪਲ ਨੇ 34 ਅਤੇ ਨਾਥਨ ਮੈਕਸਵਿਨੀ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਦੇ ਅਨੁਕੂਲ ਨੇ 32 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
ਬੱਲੇਬਾਜ਼ ਜੈਕ ਐਡਵਰਡਜ਼ (28) ਅਤੇ ਮੈਕਸ ਬਰਾਇੰਟ (14) ਤੇਜ਼ ਗੇਂਦਬਾਜ਼ ਇਸ਼ਾਨ (30/2) ਦਾ ਸ਼ਿਕਾਰ ਬਣੇ। ਭਾਰਤ ਦੇ ਕਮਲੇਸ਼ ਨਾਗਰਕੋਟੀ ਨੇ 41 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ। ਮੁਹਾਲੀ ਦੇ ਸ਼ੁਭਮਨ ਗਿੱਲ ਨੂੰ Ḕਪਲੇਅਰ ਆਫ ਦਿ ਟੂਰਨਾਮੈਂਟ’ ਅਤੇ ਮਨੋਜ ਕਾਲੜਾ ਨੂੰ Ḕਮੈਨ ਆਫ ਦਿ ਮੈਚ’ ਐਲਾਨਿਆ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਜਿੱਤਣ ‘ਤੇ ਮੁਬਾਰਕਬਾਦ ਦਿੱਤੀ। ਟੀਮ ਨੂੰ ਵਧਾਈਆਂ ਦੇਣ ਵਾਲਿਆਂ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਚਿਨ ਤੇਂਦੁਲਕਰ ਤੇ ਸੀਨੀਅਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਸ਼ਾਮਲ ਹਨ।
________________
ਕੋਚ ਤੇ ਖਿਡਾਰੀਆਂ ‘ਤੇ ਨੋਟਾਂ ਦਾ ਮੀਂਹ
ਨਵੀਂ ਦਿੱਲੀ: ਬੀ. ਸੀ. ਸੀ. ਆਈ. ਨੇ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਖਿਡਾਰੀਆਂ ਨੂੰ 30-30 ਲੱਖ ਰੁਪਏ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨੂੰ 50 ਲੱਖ ਰੁਪਏ ਦੇ ਕੇ ਸਨਮਾਨਿਆ ਜਾਵੇਗਾ। ਟੀਮ ਦੇ ਸਹਿਯੋਗੀ ਸਟਾਫ ਫੀਲਡਿੰਗ ਕੋਚ ਅਭੈ ਸ਼ਰਮਾ ਤੇ ਗੇਂਦਬਾਜ਼ੀ ਕੋਚ ਪਾਰਸ ਮਹਾਂਬਰੇ ਨੂੰ 20-20 ਲੱਖ ਇਨਾਮ ਵਜੋਂ ਦਿੱਤੇ ਜਾਣਗੇ।
______________________
ਪੰਜਾਬ ਦਾ ਸ਼ੁਭਮਨ ਬਣਿਆ ਹੀਰੋ
ਨਵੀਂ ਦਿੱਲੀ: ਸੈਮੀ ਫਾਈਨਲ ਮੁਕਾਬਲੇ ਵਿਚ ਸੈਂਕੜਾ ਲਗਾ ਕੇ ਪਾਕਿਸਤਾਨ ‘ਤੇ ਸ਼ਾਨਦਾਰ ਜਿੱਤ ਦਵਾਉਣ ਵਾਲਾ ਸ਼ੁਭਮਨ ਗਿੱਲ ਚਰਚਾ ਵਿਚ ਹੈ। ਸ਼ੁਭਮਨ ਗਿੱਲ ਨੂੰ Ḕਪਲੇਅਰ ਆਫ ਦਿ ਟੂਰਨਾਮੈਂਟ’ ਐਲਾਨਿਆ ਗਿਆ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਫਾਜ਼ਿਲਕਾ ਸ਼ਹਿਰ ਦੇ 18 ਸਾਲ ਕ੍ਰਿਕਟਰ ਉਤੇ ਆਈ. ਪੀ. ਐਲ਼ ਨੀਲਾਮੀ ਵਿਚ ਵੀ ਪੈਸਿਆਂ ਦਾ ਮੀਂਹ ਵਰ੍ਹਿਆ ਸੀ। ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ੁਭਮਨ ਨੂੰ 1. 8 ਕਰੋੜ ਰੁਪਏ ਵਿਚ ਖਰੀਦਿਆ। ਆਪਣੇ ਪੋਤੇ ਦੀ ਸ਼ਾਨਦਾਰ ਪ੍ਰਾਪਤੀ ‘ਤੇ ਸ਼ੁਭਮਨ ਦੇ ਦਾਦਾ-ਦਾਦੀ ਬਹੁਤ ਖੁਸ਼ ਹਨ। ਸ਼ੁਭਮਨ ਦੇ ਦਾਦਾ ਦੀਦਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੋਤੇ ਨੇ ਜੋ ਦੇਸ਼ ਲਈ ਕਰ ਵਿਖਾਇਆ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।

This entry was posted in ਮੁੱਖ ਪੰਨਾ. Bookmark the permalink.